ਲਾਲੜੂ ਮੰਡੀ ਦੇ ਬਾਜ਼ਾਰ 'ਚੋਂ ਚੋਰ ਗਹਿਣੇ ਤੇ ਨਕਦੀ ਲੈ ਕੇ ਫਰਾਰ
ਮਲਕੀਤ ਸਿੰਘ ਮਲਕਪੁਰ
ਲਾਲੜੂ 8 ਅਪ੍ਰੈਲ 2024: ਲਾਲੜੂ ਮੰਡੀ ਦੇ ਬਜ਼ਾਰ ਵਿੱਚ ਸਥਿਤ ਸੁਪਰ ਮਿਲਕ ਬਾਰ ਨੇੜੇ ਇੱਕ ਬੰਦ ਘਰ ਦੇ ਤਾਲੇ ਤੋੜ ਕੇ ਚੋਰ 5 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਕਪਿਲ ਕੁਮਾਰ ਨੇ ਦੱਸਿਆ ਕਿ ਇਸ ਘਰ 'ਚ ਉਸ ਦੀ 62 ਸਾਲਾ ਮਾਤਾ ਊਸ਼ਾ ਰਾਣੀ ਪਤਨੀ ਸਵਰਗੀ ਤਿਲਕ ਰਾਜ ਰਹਿੰਦੀ ਹੈ। ਪੀਜੀਆਈ ਵਿੱਚ ਇਲਾਜ ਕਾਰਨ ਉਹ ਪਿਛਲੇ ਦੋ ਹਫ਼ਤਿਆਂ ਤੋਂ ਆਪਣੀ ਧੀ ਦੇ ਘਰ ਖਰੜ ਵਿਖੇ ਗਈ ਹੋਈ ਸੀ। ਬੁੱਧਵਾਰ ਸਵੇਰੇ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਗੇਟ ਦਾ ਤਾਲਾ ਟੁੱਟਿਆ ਹੋਇਆ ਹੈ। ਉਸ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਗੇਟ ਦੇ ਬਾਹਰ ਲੱਗੇ ਤਾਲੇ ਤੋਂ ਇਲਾਵਾ ਮੁੱਖ ਦਰਵਾਜ਼ੇ ਦਾ ਤਾਲਾ ਅਤੇ ਅੰਦਰ ਪਈ ਅਲਮਾਰੀ ਦੇ ਤਾਲੇ ਵੀ ਟੁੱਟੇ ਹੋਏ ਪਾਏ ਗਏ |
ਆਂਢ-ਗੁਆਂਢ ਦੇ ਸੀਸੀਟੀਵੀ ਫੁਟੇਜ ਨੂੰ ਖੰਗਾਲਣ ਤੋਂ ਬਾਅਦ ਪਤਾ ਲੱਗਾ ਕਿ ਦੋ ਚੋਰ ਪਹਿਲਾਂ ਹੀ ਘਰ ਦੇ ਆਲੇ-ਦੁਆਲੇ ਤਿੰਨ-ਚਾਰ ਚੱਕਰ ਲਗਾ ਚੁੱਕੇ ਸਨ ਅਤੇ ਰਾਤ ਕਰੀਬ 2:45 ਵਜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 20 ਮਿੰਟਾਂ ਦੇ ਅੰਦਰ ਹੀ ਉਹ ਘਰ 'ਚੋ ਚੋਰੀ ਕਰਕੇ ਚਲੇ ਗਏ, ਜਿੱਥੇ ਉਨ੍ਹਾਂ ਨੇ ਘਰ ਦਾ ਤਾਲਾ ਤੋੜਨ ਲਈ ਵਰਤੀ ਗਈ ਲੋਹੇ ਦੀ ਰਾਡ ਅਤੇ ਪੇਚਕਸ ਉੱਥੇ ਹੀ ਛੱਡ ਦਿੱਤਾ। ਕਪਿਲ ਨੇ ਦੱਸਿਆ ਕਿ ਘਰ 'ਚੋਂ 70 ਹਜ਼ਾਰ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਕਰੀਬ 5 ਲੱਖ ਰੁਪਏ ਦੀ ਨਕਦੀ ਗਾਇਬ ਹੈ। ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੋਹੇ ਦੀ ਰਾਡ ਅਤੇ ਪੇਚਕਸ ਨੂੰ ਵੀ ਕਬਜ਼ੇ 'ਚ ਲੈ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।